ਵਾਰਿਸ ਸ਼ਾਹ: ਇਸ਼ਕ ਦਾ ਵਾਰਿਸ ਫਿਲਮ ਤੇ ਇਕ ਝਾਤ
-ਪ੍ਰੇਮ ਮਾਨ
ਅਕਤੂਬਰ 10 ਨੂੰ ਕਸ਼ਮੀਰ ਗਿੱਲ ਦਾ ਫ਼ੋਨ ਆਇਆ ਕਿ ਐਡੀਸਨ, ਨਿਊ ਜਰਸੀ, ਵਿੱਚ 12 ਅਕਤੂਬਰ ਨੂੰ ਵਾਰਿਸ ਸ਼ਾਹ ਫ਼ਿਲਮ ਦਾ ਪ੍ਰੀਮੀਅਰ ਸੀ। ਗੁਰਦਾਸ ਮਾਨ ਅਤੇ ਕੁਝ ਹੋਰ ਕਲਾਕਾਰਾਂ ਨੇ ਵੀ ਉੱਥੇ ਫ਼ਿਲਮ ਤੋਂ ਬਾਦ ਆਉਣਾ ਸੀ। ਸੋ 12 ਅਕਤੂਬਰ, 2006 ਨੂੰ ਮੈਂ ਕਸ਼ਮੀਰ ਗਿੱਲ ਦੇ ਸੱਦੇ ਤੇ ਵਾਰਿਸ ਸ਼ਾਹ ਫ਼ਿਲਮ ਦੇਖੀ।
ਫ਼ਿਲਮ ਦਾ ਅਸੋਸੀਏਟ ਪ੍ਰੋਡਿਊਸਰ ਕਸ਼ਮੀਰ ਗਿੱਲ ਮੇਰਾ ਚੰਗਾ ਵਾਕਿਫ਼ ਹੈ। ਪਰ ਦੋਸਤ ਨਹੀਂ। ਜਿੱਥੋਂ ਤੱਕ ਮੈਂ ਜਾਣਦਾ ਹਾਂ, ਕਸ਼ਮੀਰ ਗਿੱਲ ਇੱਕ ਬਹੁਤ ਹੀ ਪਿਆਰਾ ਅਤੇ ਸਾਊ ਇਨਸਾਨ ਹੈ। ਮੈਂ ਗੁਰਦਾਸ ਮਾਨ ਦਾ ਵੀ ਬਹੁਤ ਪ੍ਰਸ਼ੰਸਕ ਹਾਂ। ਉਸਨੇ ਜੋ ਵੀ ਪੰਜਾਬੀ ਸਭਿਆਚਾਰ ਲਈ ਕੀਤਾ ਹੈ, ਉਸ ਲਈ ਅਸੀਂ ਸਾਰੇ ਉਸਦੇ ਬਹੁਤ ਰਿਣੀ ਹਾਂ। ਉਸਦਾ ''ਦੇਸ ਹੋਇਆ ਪ੍ਰਦੇਸ" ਵਿੱਚ ਕੀਤਾ ਰੋਲ ਪਸੰਦ ਆਇਆ ਸੀ।
ਜਦੋਂ ਫਰਵਰੀ ਵਿੱਚ ਕਸ਼ਮੀਰ ਗਿੱਲ ਨੇ ਮੈਨੂੰ ਦੱਸਿਆ ਸੀ ਕਿ ਉਹ ਵਾਰਿਸ ਸ਼ਾਹ ਬਾਰੇ ਫ਼ਿਲਮ ਬਣਾ ਰਹੇ ਹਨ ਤਾਂ ਮੈਂ ਸੋਚਿਆ ਸੀ, ''ਇਹ ਵਾਰਿਸ ਸ਼ਾਹ ਬਾਰੇ ਫ਼ਿਲਮ ਕਿਵੇਂ ਬਣਾਉਣਗੇ? ਉਸ ਵਾਰਿਸ ਬਾਰੇ ਜਿਸ ਬਾਰੇ ਬਹੁਤਾ ਕਿਸੇ ਨੂੰ ਪਤਾ ਹੀ ਨਹੀਂ!" ਖ਼ੈਰ, ਫ਼ਿਲਮ ਬਣ ਗਈ ਹੈ। ਦੇਖੀ ਹੈ। ਇਸਦੇ ਬਾਵਜ਼ੂਦ ਕਿ ਫ਼ਿਲਮ ਵਿੱਚ ਕੁਝ ਖ਼ਾਮੀਆਂ ਹਨ (ਜਿਨ੍ਹਾਂ ਦਾ ਜ਼ਿਕਰ ਮੈਂ ਬਾਦ ਵਿੱਚ ਕਰਾਂਗਾ), ਇਹੋ ਜਿਹੀ ਫ਼ਿਲਮ ਬਣਾਉਣ ਲਈ ਗੁਰਦਾਸ ਮਾਨ, ਮਨਜੀਤ ਮਾਨ, ਕਸ਼ਮੀਰ ਗਿੱਲ, ਅਤੇ ਮਨੋਜ ਪੁੰਜ (ਡਾਇਰੈਕਟਰ) ਵਧਾਈ ਅਤੇ ਦਾਦ ਦੇ ਹੱਕਦਾਰ ਹਨ। ਸਮੁੱਚੇ ਤੌਰ ਤੇ ਫ਼ਿਲਮ ਬਹੁਤ ਖ਼ੂਬਸੂਰਤ ਬਣੀ ਹੈ। ਬੜੀ ਪਾਏਦਾਰ ਹੈ। ਦੁਬਾਰਾ ਦੇਖਣ ਨੂੰ ਜੀਅ ਕਰਦਾ ਹੈ। ਫਿਲਮ ਬਣਾਉਣ ਲਈ ਜੋ ਸਪੈਸ਼ਲ ਪਿੰਡ ਬਣਾਇਆ ਗਿਆ ਹੈ, ਉਸ ਲਈ ਕਮਾਲ ਕਰ ਦਿੱਤੀ ਹੈ। ਬਹੁਤ ਹੀ ਉੱਚੇ ਦਰਜੇ ਦਾ ਪਿੰਡ ਬਣਾਇਆ ਹੈ। ਫ਼ਿਲਮ ਦੀ ਫੋਟੋਗਰਾਫੀ ਬਹੁਤ ਹੀ ਅੱਛੀ ਹੈ।
ਫ਼ਿਲਮ ਦੀ ਕਹਾਣੀ ਵਿੱਚ ਸ਼ਾਇਦ ਕਾਫੀ ਕੁਝ ਮਿਥਿਹਾਸਕ ਪਾ ਦਿੱਤਾ ਗਿਆ ਹੈ, ਫ਼ਿਲਮ ਨੂੰ ਦਿਲਚਸਪ ਬਣਾਉਣ ਲਈ। ਪੰਜਾਬੀ-ਹਿੰਦੀ ਫ਼ਿਲਮਾਂ ਦੇ ਦਰਸ਼ਕਾਂ ਲਈ ਇਹ ਕਰਨਾ ਹੀ ਪੈਂਦਾ ਹੈ। ਇਸ ਫ਼ਿਲਮ ਵਿੱਚ ਦਰਸਾਈ ਵਾਰਿਸ ਦੀ ਜ਼ਿੰਦਗੀ ਦੀ ਕਹਾਣੀ ਉਸਦੀ ਅਸਲੀ ਜ਼ਿੰਦਗੀ ਦੀ ਕਹਾਣੀ ਦੇ ਕਿੰਨਾ ਕੁ ਨੇੜੇ ਹੈ, ਕੋਈ ਵੀ ਨਹੀਂ ਜਾਣਦਾ। ਵਾਰਿਸ ਦੀ ਜ਼ਿੰਦਗੀ ਬਾਰੇ ਕੋਈ ਵੀ ਬਹੁਤੀ ਜਾਣਕਾਰੀ ਪ੍ਰਾਪਤ ਨਹੀਂ ਕਰ ਸਕਿਆ। ਪੰਜਾਬੀ ਵਿੱਚ ਇਹੋ ਜਿਹੀ ਖੋਜ ਕਰਨ ਲਈ ਨਾ ਹੀ ਬਹੁਤੇ ਸਾਧਨ ਹਨ ਅਤੇ ਨਾ ਹੀ ਬਹੁਤੇ ਅੱਛੇ ਖੋਜਕਾਰ।
ਵਾਰਿਸ ਪੰਜਾਬੀ ਦਾ ਸਭ ਤੋਂ ਵੱਡਾ ਕਵੀ ਜਾਣਿਆ ਜਾਂਦਾ ਹੈ ਗੁਰੂਆਂ ਦੀ ਬਾਣੀ ਨੂੰ ਛੱਡ ਕੇ। ਇਹ ਕਹਿਣ ਵਿੱਚ ਕੋਈ ਅੱਤਕਥਨੀ ਨਹੀਂ। ਨਾ ਹੀ ਕੋਈ ਹੋਰ ਪੰਜਾਬੀ ਕਵੀ ਵਾਰਿਸ ਤੋਂ ਜ਼ਿਆਦਾ ਪੜ੍ਹਿਆ ਗਿਆ ਹੈ ਅਤੇ ਨਾ ਹੀ ਸ਼ਾਇਦ ਕਦੇ ਪੜ੍ਹਿਆ ਜਾਵੇਗਾ। ਵਾਰਿਸ ਦੀ ਹੀਰ ਪੰਜਾਬੀ ਵਿੱਚ ਸਭ ਤੋਂ ਵੱਧ ਛਪਣ ਵਾਲੀ ਪੁਸਤਕ ਹੈ। ਕਈ ਲੋਕ ਵਾਰਿਸ ਦੀ ਤੁਲਨਾ ਸ਼ੈਕਸਪੀਅਰ ਨਾਲ ਕਰਦੇ ਹਨ ਅਤੇ ਉਸਨੂੰ ਪੰਜਾਬੀ ਦਾ ਸ਼ੈਕਸਪੀਅਰ ਕਹਿੰਦੇ ਹਨ। ਇਹ ਤੁਲਨਾ ਵਾਰਿਸ ਨਾਲ ਬਿੱਲਕੁੱਲ ਬੇਇਨਸਾਫ਼ੀ ਹੈ। ਵਾਰਿਸ, ਵਾਰਿਸ ਹੈ। ਸ਼ੈਕਸਪੀਅਰ, ਸ਼ੈਕਸਪੀਅਰ ਹੈ। ਸ਼ੈਕਸਪੀਅਰ ਢੇਰ ਸਾਰੀਆਂ ਕਿਤਾਬਾਂ ਲਿਖ ਕੇ ਸ਼ੈਕਸਪੀਅਰ ਬਣਿਆਂ। ਵਾਰਿਸ ਸਿਰਫ ਇਕੋ ਕਿਤਾਬ ਲਿਖ ਕੇ ਪੰਜਾਬੀ ਦਾ ਵਾਰਿਸ ਬਣ ਗਿਆ। ਜੇ ਸ਼ੈਕਸਪੀਅਰ ਨੇ ਸਿਰਫ ਇਕ ਨਾਟਕ ਲਿਖਿਆ ਹੁੰਦਾ ਤਾਂ ਪਤਾ ਨਹੀ ਉਹ ਅੱਜ ਵਾਲਾ ਸ਼ੈਕਸਪੀਅਰ ਬਣਦਾ ਕਿ ਨਾ।
ਹੁਣ ਕੁਝ ਫ਼ਿਲਮ ਬਾਰੇ! ਗੁਰਦਾਸ ਮਾਨ ਦੇ ਰੋਲ ਦੀ ਗੱਲ ਮੈਂ ਅਖ਼ੀਰ ਵਿੱਚ ਕਰਾਂਗਾ। ਫ਼ਿਲਮ ਵਿੱਚ ਵਾਰਿਸ ਦੇ ਗੁਰੂ ਦਾ ਕਿਰਦਾਰ ਜਿਸ ਪਾਤਰ ਨੇ ਨਿਭਾਇਆ ਹੈ, ਉਹ ਕਮਾਲ ਦਾ ਹੈ। ਭਾਵੇਂ ਇਹ ਰੋਲ ਬਹੁਤ ਹੀ ਛੋਟਾ ਹੈ, ਪਰ ਹੈ ਬਹੁਤ ਕਮਾਲ ਦਾ ਅਤੇ ਦਰਸ਼ਕਾਂ ਦੇ ਦਿਲ-ਦਿਮਾਗ਼ ਤੇ ਇਕ ਸਦੀਵੀ ਛਾਪ ਛੱਡਣ ਵਾਲਾ। ਜੋ ਸਾਬੋ ਦਾ ਰੋਲ ਦਿਵਿਆ ਦੱਤਾ ਨੇ ਕੀਤਾ ਹੈ, ਉਸਦੀ ਤਾਂ ਗੱਲ ਹੀ ਛੱਡ ਦੇਵੋ। ਉਹ ਸਾਰੀ ਫ਼ਿਲਮ ਤੇ ਛਾਈ ਪਈ ਹੈ। ਕਮਾਲ ਦੀ ਅਦਾਕਾਰੀ ਹੈ ਉਸਦੀ। ਹਮੇਸ਼ਾਂ ਵਾਂਗ, ਉਸਦੀ ਅਦਾਕਾਰੀ ਨੇ ਮਨ ਨੂੰ ਕੀਲ ਲਿਆ। ਜੂਹੀ ਚਾਵਲਾ ਨੇ ਭਾਗਭਰੀ ਦਾ ਰੋਲ ਠੀਕ-ਠਾਕ ਹੀ ਕੀਤਾ ਹੈ। ਜੂਹੀ ਕੋਈ ਇੰਨੀ ਵਧੀਆ ਅਦਾਕਾਰਾ ਨਹੀਂ ਅਤੇ ਨਾ ਹੀ ਇੰਨੀ ਘਟੀਆ ਹੈ। ਇਸ ਫ਼ਿਲਮ ਵਿੱਚ ਉਸਦੀ ਅਦਾਕਾਰੀ ਦਰਮਿਆਨੀ ਤੋਂ ਉੱਪਰ ਪਰ ਵਧੀਆ ਤੋਂ ਥੱਲੇ ਲੱਗੀ ਹੈ। ਬਾਕੀ ਪਾਤਰਾਂ ਨੇ ਆਪਣਾ ਆਪਣਾ ਰੋਲ ਠੀਕ-ਠਾਕ ਨਿਭਾਇਆ ਹੈ।
ਫ਼ਿਲਮ ਖ਼ੂਬਸੂਰਤ ਹੋਣ ਦੇ ਬਾਵਜੂਦ ਇਸ ਵਿੱਚ ਕਈ ਗੱਲਾਂ ਰੜਕਦੀਆਂ ਹਨ। ਜਿਵੇਂ ਕਿ ਜੋ ਖੂੰਡਾ ਸਾਰੀ ਫ਼ਿਲਮ ਵਿੱਚ ਵਾਰਿਸ ਲਈ ਫਿਰਦਾ ਹੈ, ਕੀ ਇਹੋ ਜਿਹੇ ਖੂੰਡੇ ਅਠਾਰਵੀਂ ਸਦੀ ਵਿੱਚ ਹੋਣਗੇ ਜਦੋਂ ਵਾਰਿਸ ਜੀਵਿਆ ਸੀ? ਕਈ ਪੁਸ਼ਾਕਾਂ ਜੋ ਅਦਾਕਾਰਾਂ ਨੇ ਪਹਿਨੀਆਂ ਹਨ, ਕੀ ਇਹੋ ਜਿਹੀਆਂ ਪੁਸ਼ਾਕਾਂ ਉਸ ਵੇਲੇ ਹੋਣਗੀਆਂ? ਜਿਹੋ ਜਿਹੀ ਸੋਹਣੀ ਪੱਗ ਵਾਰਿਸ ਨੇ ਫ਼ਿਲਮ ਵਿੱਚ ਬੰਨੀ ਹੈ, ਕੀ ਵਾਰਿਸ ਜਾਂ ਕੋਈ ਹੋਰ ਉਨ੍ਹਾਂ ਦਿਨ੍ਹਾਂ ਵਿੱਚ ਇਹੋ ਜਿਹੀ ਪੱਗ ਬੰਨਦਾ ਹੋਵੇਗਾ? ਸਾਬੋ ਦਾ ਵਾਰਿਸ ਦੀ ਅਸਲੀ ਜ਼ਿੰਦਗੀ ਵਿੱਚ ਆਉਣਾ ਕਦੇ ਸੁਣਿਆ ਨਹੀਂ। ਇਕ ਸੀਨ ਵਿੱਚ ਸਾਬੋ ਦਾ ਵਾਰਿਸ ਦੇ ਗਲੇ ਨੂੰ ਚਿੰਬੜਨਾ ਅਤੇ ਇਕ ਕਿਸਮ ਦਾ ਉਸਦੇ ਮੂੰਹ ਅਤੇ ਗਰਦਣ ਨੂੰ ਚੁੰਮਣਾ ਬਹੁਤ ਹੀ ਭੈੜਾ ਲੱਗਿਆ। ਇਕ ਹੋਰ ਸੀਨ ਵਿੱਚ ਭਾਗਭਰੀ ਦੇ ਆਦਮੀ ਦਾ ਦਰਵਾਜ਼ਾ ਬੰਦ ਕਰਕੇ ਭਾਗਭਰੀ ਦੇ ਪੱਟਾਂ ਤੇ ਸਿਰ ਰੱਖ ਕੇ ਰੋਣਾ ਹਾਸੋ ਹੀਣਾ ਲੱਗਿਆ। ਵਾਰਿਸ ਅਤੇ ਭਾਗਭਰੀ ਦੇ ਕੋਲਿਆਂ ਤੇ ਤੁਰਨ ਵਾਲੀ ਗੱਲ ਬਿੱਲਕੁੱਲ ਨਹੀਂ ਜਚੀ। ਇਸ ਅਠਾਰਵੀਂ ਸਦੀ ਦੇ ਅਧਾਰ ਤੇ ਬਣੀ ਫ਼ਿਲਮ ਵਿੱਚ ਆਧੁਨਿਕ ਗੀਤ ਸਿਰਫ਼ ਤਮਾਸ਼ਾ ਹੀ ਲਗਦੇ ਹਨ। ਵੈਸੇ ਵਾਰਿਸ ਦੀ ਫ਼ਿਲਮ ਵਿੱਚ ਇਨ੍ਹਾਂ ਗੀਤਾਂ ਦੀ ਲੋੜ ਨਹੀਂ ਸੀ। ਅਫ਼ਸੋਸ ਹੈ ਕਿ ਪੰਜਾਬੀ-ਹਿੰਦੀ ਫ਼ਿਲਮਾਂ ਦੇ ਦਰਸ਼ਕ ਹਰ ਫ਼ਿਲਮ ਵਿੱਚ ਗੀਤ ਚਾਹੁੰਦੇ ਹਨ। ਇਸ ਲੋੜ ਨੂੰ ਪੂਰਾ ਕਰਨ ਲਈ ਉਸ ਸਮੇਂ ਦਾ ਕੁਝ ਸੂਫ਼ੀ ਕਲਾਮ ਪੇਸ਼ ਕਰ ਦਿੱਤਾ ਜਾਂਦਾ ਤਾਂ ਸ਼ਾਇਦ ਇੰਨਾਂ ਭੈੜਾ ਨਾ ਲਗਦਾ। ਫ਼ਿਲਮ ਵਿੱਚ ਸਿਰਫ਼ ਇਕ ਸੂਫ਼ੀ ਗੀਤ ਹੈ। ਇਹ ਗੀਤ ਕਿਸੇ ਕਬਾਲ ਦੇ ਮੂਹੋਂ ਗਵਾਇਆ ਜਾਂਦਾ ਤਾਂ ਚੰਗਾ ਲਗਦਾ। ਵਾਰਿਸ ਨੂੰ ਕਵੀ ਹੀ ਰਹਿਣ ਦੇਣਾ ਚਾਹੀਦਾ ਸੀ, ਗਾਇਕ ਨਹੀਂ ਸੀ ਬਣਾਉਣਾ ਚਾਹੀਦਾ। ਵਾਰਿਸ ਨੂੰ ਹੀਰ ਲਿਖਣ ਨੂੰ ਕਿੰਨੇ ਸਾਲ ਲੱਗੇ, ਇਸਦਾ ਕੋਈ ਪਤਾ ਨਹੀਂ। ਪਰ ਇਹ ਇਕ-ਦੋ ਸਾਲਾਂ ਵਿੱਚ ਨਹੀਂ ਲਿਖੀ ਗਈ ਹੋਵੇਗੀ। ਫਿਰ ਇਹ ਵੀ ਨਹੀਂ ਪਤਾ ਕਿ ਵਾਰਿਸ ਨੇ ਕਿਸ ਉਮਰ ਵਿੱਚ ਇਹ ਹੀਰ ਲਿਖੀ ਸੀ। ਇਸ ਫਿਲਮ ਵਿੱਚ ਵਾਰਿਸ ਸਿਰਫ 30-35 ਸਾਲ ਦਾ ਦਿਖਾਇਆ ਗਿਆ ਹੈ ਅਤੇ ਉਹ ਹੀਰ ਲਿਖਣ ਤੋਂ ਪਹਿਲਾਂ ਤੋਂ ਲੈ ਕੇ ਹੀਰ ਲਿਖਣ ਤੋਂ ਬਾਦ ਤੱਕ ਓਸੇ ਉਮਰ ਦਾ ਲਗਦਾ ਹੈ।
ਹੁਣ ਆਈ ਗੁਰਦਾਸ ਮਾਨ ਦੀ ਅਦਾਕਾਰੀ ਦੀ ਗੱਲ! ਫ਼ਿਲਮ ''ਦੇਸ ਹੋਇਆ ਪ੍ਰਦੇਸ" ਵਿੱਚ ਗੁਰਦਾਸ ਮਾਨ ਦਾ ਕੀਤਾ ਰੋਲ ਪਸੰਦ ਆਇਆ ਸੀ, ਪਰ ਇਸ ਫ਼ਿਲਮ ਵਿੱਚ ਬਹੁਤਾ ਪਸੰਦ ਨਹੀਂ ਆਇਆ। ਗੁਰਦਾਸ ਮਾਨ ਆਪ ਵਾਰਿਸ ਦੇ ਰੋਲ ਵਿੱਚ ਆਪਣੇ ਆਪ ਨੂੰ ਫ਼ਕੀਰ ਕਹਿੰਦਾ ਹੈ। ਇਹ ਫ਼ਕੀਰਾਂ ਤੇ ਦਰਵੇਸ਼ਾਂ ਵਰਗਾ ਵਾਰਿਸ ਵੱਖਰੀ ਤਰ੍ਹਾਂ ਪੇਸ਼ ਕਰਨਾ ਚਾਹੀਦਾ ਸੀ - ਇਕ ਇਨਸਾਨ ਜੋ ਫ਼ਕੀਰਾਂ ਦਰਵੇਸ਼ਾਂ ਵਾਂਗ (ਧੀਰਜ ਨਾਲ) ਤੁਰੇ, ਬੋਲੇ, ਅਤੇ ਹਰ ਕੰਮ ਕਰੇ। ਇਹ ਉਹ ਵਾਰਿਸ ਹੋਣਾ ਚਾਹੀਦਾ ਸੀ ਜੋ ਸੋਚ-ਮਗਨ ਹੋ ਕੇ ਕੁਦਰਤ ਦੇ ਨਾਲ ਇੱਕ-ਮਿੱਕ ਹੋ ਕੇ ਹੀਰ ਲਿਖਦਾ। ਗੁਰਦਾਸ ਮਾਨ ਦਾ ਇੱਕੋ ਲਹਿਜੇ ਵਿੱਚ ਉੱਚੀ ਅਵਾਜ਼ ਵਿੱਚ ਬੋਲਣਾ ਫ਼ਕੀਰਾਂ ਵਾਲਾ ਨਹੀਂ ਲੱਗਿਆ। ਉਸਦਾ ਕਾਹਲੀ ਕਾਹਲੀ ਤੁਰਨਾ ਦਰਵੇਸ਼ਾਂ ਵਾਲਾ ਨਹੀਂ ਲੱਗਿਆ। ਉਸਦਾ ਕਿਤੇ ਵੀ ਸੋਚ-ਮਗਨ ਨਾ ਹੋਣਾ ਅਤੇ ਕੁਦਰਤ ਦੀ ਖ਼ੂਬਸੂਰਤੀ ਨੂੰ ਨਾ ਮਾਨਣਾ ਅਤੇ ਸਲਾਹੁਣਾ ਫ਼ਕੀਰ-ਕਵੀ ਵਾਲਾ ਨਹੀਂ ਲੱਗਿਆ। ਉਸਦਾ ਪਹਿਰਾਵਾ ਵੀ ਫਕੀਰਾਂ ਵਾਲਾ ਨਹੀਂ ਲੱਗਿਆ। ਕੁਝ ਥਾਵੀਂ ਜੇ ਉਸਨੂੰ ਲੋਈ ਨਾਲ ਦਿਖਾਇਆ ਜਾਂਦਾ ਤਾਂ ਸ਼ਾਇਦ ਉਹ ਜ਼ਿਆਦਾ ਫਕੀਰ ਲਗਦਾ। ਜਦੋਂ ਵੀ ਭਾਗਭਰੀ ਜਾਂ ਸਾਬੋ ਵਾਰਿਸ ਦੇ ਕਮਰੇ ਅੰਦਰ ਆਈਆਂ, ਵਾਰਿਸ ਦਾ ਉਨ੍ਹਾਂ ਵਲ ਟੇਢੀ ਅੱਖ ਨਾਲ ਤੱਕਣਾ ਬਹੁਤ ਹੀ ਚੁੱਭਿਆ। ਮੇਰਾ ਨਿੱਜੀ ਵਿਚਾਰ ਹੈ ਕਿ ਵਾਰਿਸ ਦੇ ਰੋਲ ਨਾਲ ਇਨਸਾਫ਼ ਨਹੀਂ ਹੋਇਆ। ਇਹ ਕਹਿਣ ਤੋਂ ਬਾਦ ਮੈਂ ਕਹਾਂਗਾ ਕਿ ਜੇ ਮੈਂ ਆਲੇ ਦੁਆਲੇ ਝਾਤੀ ਮਾਰ ਕੇ ਦੇਖਾਂ ਤਾਂ ਸ਼ਾਇਦ ਹਿੰਦੀ-ਪੰਜਾਬੀ ਫ਼ਿਲਮਾਂ ਦੇ ਅਦਾਕਾਰਾਂ ਵਿੱਚੋਂ ਦੋ ਅਦਾਕਾਰਾਂ ਤੋਂ ਸਿਵਾ ਕੋਈ ਵੀ ਇਹ ਰੋਲ ਪੂਰੀ ਤਰ੍ਹਾਂ ਨਾ ਨਿਭਾ ਸਕਦਾ। ਇਹ ਦੋ ਅਦਾਕਾਰ ਜੋ ਮੇਰੇ ਮਨ ਵਿੱਚ ਆਉਂਦੇ ਹਨ, ਉਹ ਹਨ ਜੁਆਨੀ ਵੇਲੇ ਦਾ ਦਲੀਪ ਕੁਮਾਰ ਅਤੇ ਅੱਜ ਦਾ ਅਮਿਤਾਭ ਬਚਨ। ਇਨ੍ਹਾਂ ਦੋਹਾਂ ਦੀ ਆਸ਼ਿਕਾਨਾ ਧੀਮੀ ਅਵਾਜ਼, ਉਨ੍ਹਾਂ ਦਾ ਬੜੇ ਅੰਦਾਜ਼ ਨਾਲ ਹੌਲੀ ਹੌਲੀ ਤੁਰਨਾ, ਉਨ੍ਹਾਂ ਦੀਆਂ ਡੂੰਘੀਆਂ ਅੱਖਾਂ ਵਿਚਲੀ ਕਾਤਲ ਦਿਖ, ਅਤੇ ਉਨ੍ਹਾਂ ਦੀ ਟਿਕਟਿਕੀ ਲਗਾ ਕੇ ਚੁੱਪ-ਚਾਪ ਦੇਖਣ ਵਾਲੀ ਗੰਭੀਰ ਅਦਾਕਾਰੀ ਸ਼ਾਇਦ ਵਾਰਿਸ ਨਾਲ ਇਨਸਾਫ਼ ਕਰ ਸਕਦੀ। ਪਰ ਫਿਰ ਸਾਨੂੰ ਇਹ ਵੀ ਤਾਂ ਨਹੀ ਪਤਾ ਕਿ ਅਸਲੀ ਵਾਰਿਸ ਕਿਹੋ ਜਿਹਾ ਸੀ? ਗੁਰਦਾਸ ਮਾਨ ਨੇ ਫ਼ਿਲਮ ਵਿੱਚ ਹੀਰ ਬਹੁਤ ਸੋਹਣੀ ਗਾਈ ਹੈ। ਕਿੰਨਾ ਚੰਗਾ ਹੋਵੇ ਜੇ ਗੁਰਦਾਸ ਮਾਨ ਵਾਰਿਸ ਦੀ ਸਾਰੀ ਹੀਰ ਗਾਵੇ, ਕੋਈ ਫਰਕ ਨਹੀਂ ਭਾਵੇਂ 50 ਸੀਡੀਜ਼ ਉੱਤੇ ਹੋਵੇ।
ਹੁਣ ਕੁਝ ਦਰਸ਼ਕਾਂ ਬਾਰੇ! ਹਿੰਦੀ-ਪੰਜਾਬੀ ਫ਼ਿਲਮਾਂ ਦੇ ਦਰਸ਼ਕ ਅਜੀਬ ਹਨ। ਇਨ੍ਹਾਂ ਲਈ ਫ਼ਿਲਮ ਵਿੱਚ ਬਹੁਤ ਕੁਝ ਝੂਠਾ-ਸੱਚਾ ਭਰਨਾ ਪੈਂਦਾ ਹੈ ਨਹੀਂ ਤਾਂ ਫ਼ਿਲਮ ਫੇਲ ਹੋਈ ਕਿ ਸਮਝੋ। ਇਸ ਫ਼ਿਲਮ ਵਿੱਚ ਵੀ ਬਹੁਤ ਕੁਝ ਅਜਿਹਾ ਪਾਇਆ ਗਿਆ ਹੈ ਜੋ ਸ਼ਾਇਦ ਸਿਰਫ ਦਰਸ਼ਕਾਂ ਨੂੰ ਖੁਸ਼ ਕਰਨ ਵਾਸਤੇ ਹੈ। ਵਾਰਿਸ ਵਿੱਚ ਕਈ ਥਾਂ ਇਹੋ ਜਿਹੇ ਸੰਵਾਦ ਹਨ ਜਿਨ੍ਹਾਂ ਨੂੰ ਸੋਚਣ ਵਿਚਾਰਣ ਦੀ ਲੋੜ ਹੈ। ਪਰ ਦਰਸ਼ਕ ਉਨ੍ਹਾਂ ਤੇ ਹੱਸ ਰਹੇ ਸਨ। ਜਿਵੇਂ ਕਿ ਜਦੋਂ ਭਾਗਭਰੀ ਦਾ ਵਿਆਹ ਰੱਖ ਦਿੱਤਾ ਗਿਆ ਤਾਂ ਸਾਬੋ ਵਾਰਿਸ ਲਈ ਰੋਟੀ ਲੈ ਕੇ ਆਈ। ਜਦੋਂ ਵਾਰਿਸ ਨੇ ਪੁੱਛਿਆ ਕਿ ਇਸ ਵਿੱਚ ਜ਼ਹਿਰ ਤਾਂ ਨਹੀਂ ਪਾਈ ਤਾਂ ਸਾਬੋ ਨੇ ਉੱਤਰ ਵਿੱਚ ਕੁਝ ਇਸ ਤਰ੍ਹਾਂ ਦਾ ਜਵਾਬ ਦਿੱਤਾ, ''ਮੈਨੂੰ ਮਰੇ ਹੋਏ ਵਾਰਿਸ ਦਾ ਕੀ ਫ਼ਾਇਦਾ! ਮੈਨੂੰ ਤਾਂ ਜੀਉਂਦਾ ਵਾਰਿਸ ਚਾਹੀਦਾ!" ਇਹ ਗੱਲ ਕਿੰਨੀ ਵੱਡੀ, ਡੂੰਘੀ, ਅਤੇ ਸੋਚਣ ਵਿਚਾਰਣ ਵਾਲੀ ਹੈ। ਪਰ ਕਾਫੀ ਦਰਸ਼ਕ ਇਸ ਗੱਲ ਤੇ ਹੱਸ ਰਹੇ ਸਨ। ਕਾਸ਼ ਹਿੰਦੀ-ਪੰਜਾਬੀ ਫ਼ਿਲਮਾਂ ਦੇ ਦਰਸ਼ਕ ਸਿਆਣੇ ਬਣਨ ਤਾਂ ਜੋ ਇਨ੍ਹਾਂ ਫ਼ਿਲਮਾਂ ਵਿੱਚ ਬਹੁਤ ਸਾਰੇ ਦਰਿਸ਼ ਜੋ ਰੜਕਦੇ ਹਨ ਨਾ ਪਾਉਣੇ ਪੈਣ। ਭਾਵੇਂ ਇਸ ਫ਼ਿਲਮ ਵਿੱਚ ਵਾਰਿਸ ਦੀ ਜਿੰਦਗੀ ਦਾ ਫ਼ਿਲਮੀਕਰਣ ਕਰ ਦਿੱਤਾ ਗਿਆ ਹੈ, ਫਿਰ ਵੀ ਇਨ੍ਹਾਂ ਉਣਤਾਈਆਂ ਦੇ ਹੁੰਦਿਆਂ ਹੋਇਆਂ ਇਹ ਫ਼ਿਲਮ ਦੇਖਣ ਯੋਗ ਹੈ ਅਤੇ ਹਰ ਪੰਜਾਬੀ ਅਤੇ ਵਾਰਿਸ ਦੇ ਉਪਾਸ਼ਕ ਨੂੰ ਦੇਖਣੀ ਚਾਹੀਦੀ ਹੈ। |